ੴ ਸਤਿਗੁਰ ਪ੍ਰਸਾਦਿ

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ

         ਸਿੱਖ ਧਰਮ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ, ਜਿਸ ਦੀ ਸੰਪੂਰਨਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਨੂੰ ਸਦੀਵੀ ਕਾਲ ਲਈ ਗੁਰਗੱਦੀ ਦੇ ਕੇ ਕੀਤੀ ਸੀ।

         ਇਸ ਵੈਬਸਈਟ ਵਿਚ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਲੇਖਾਂ, ਕਿਤਾਬਾਂ, ਲੇਖਾਂ ਦਾ ਸੰਖੇਪ, ਇਸ਼ਤਿਹਾਰ, ਗੁਰਮਤਿ ਵੀਚਾਰ, ਆਦਿ ਨੂੰ ਸਾਂਝਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਕਿਤਾਬਾਂ ਤੇ ਲੇਖਾਂ ਦੇ ਨਾਲ ਦਿਤੇ ਗਏ ਲਿੰਕ ਉੱਪਰ ਕਲਿਕ ਕਰਨ ਨਾਲ, ਉਸ ਵਿਸ਼ੇ ਸਬੰਧੀ ਆਸਾਨੀ ਨਾਲ ਵਿਸਥਾਰ ਵਿਚ ਪੜ੍ਹਿਆ ਜਾ ਸਕਦਾ ਹੈ ਅਤੇ ਆਪਣੇ ਕੰਮਪਿਊਟਰ ਜਾਂ ਮੋਬਾਈਲ ਵਿਚ ਸਾਂਭ ਕੇ ਰੱਖਿਆ ਜਾ ਸਕਦਾ ਹੈ।

         ਜਿਆਦਾਤਰ ਲੇਖ ਗੁਰਮੁੱਖੀ ਵਿਚ ਹਨ, ਪਰੰਤੂ ਕੁਝ ਕੁ ਲੇਖਾਂ ਨੂੰ ਅੰਗਰੇਜੀ ਵਿਚ ਲਿਖਣ ਦਾ ਉਪਰਾਲਾ ਕੀਤਾ ਗਿਆ ਹੈ। ਜਿਨ੍ਹਾਂ ਵੀਰਾਂ ਭੈਣਾਂ ਕੋਲ ਸਮੇਂ ਦੀ ਕਮੀ ਹੈ, ਉਨ੍ਹਾਂ ਲਈ ਲੇਖਾਂ ਦਾ ਸੰਖੇਪ ਨਿਚੋੜ, ਇਸ਼ਤਿਹਾਰ, ਗੁਰਮੁੱਖੀ ਤੇ ਅੰਗਰੇਜੀ ਦੋਹਾਂ ਵਿਚ ਸਾਂਝੇ ਕੀਤੇ ਗਏ ਹਨ, ਤਾਂ ਜੋ ਉਹ ਘਟ ਸਮੇਂ ਵਿਚ ਗੁਰਬਾਣੀ ਸਬੰਧੀ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣ। ਅਸਲੀ ਸੇਵਾ ਗੁਰੂ ਦੇ ਸਬਦ ਦੀ ਵੀਚਾਰ ਦੀ ਹੈ। ਇਸ ਲਈ ਬਹੁਤ ਸਾਰੀਆਂ ਵੀਡੀਓ ਦੁਆਰਾ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਅਨੁਸਾਰ ਗੁਰਮਤਿ ਵੀਚਾਰ ਨੂੰ ਸਾਂਝਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ।

ਗੁਰ ਕੀ ਸੇਵਾ ਸਬਦੁ ਵੀਚਾਰੁ ਹਉਮੈ ਮਾਰੇ ਕਰਣੀ ਸਾਰੁ (੨੨੩)

         ਕੁਝ ਕੁ ਰਚਨਾਵਾਂ ਨੂੰ ਦੇਵਨਾਗਰੀ ਲਿਪੀ ਵਿਚ ਬਦਲ ਕੇ ਪੇਸ਼ ਕੀਤਾ ਗਿਆ ਹੈ, ਤਾਂ ਜੋ ਹਿੰਦੀ ਵਿਚ ਪੜ੍ਹਨ ਵਾਲੇ ਲੋਕ ਗੁਰਬਾਣੀ ਨੂੰ ਆਸਾਨੀ ਨਾਲ ਸਮਝ ਸਕਣ। ਆਓ ਸਾਰੇ ਜਾਣੇ ਇਨ੍ਹਾਂ ਰਚਨਾਵਾਂ ਨੂੰ ਪੜ੍ਹੀਏ, ਸੁਣੀਏ, ਸਮਝੀਏ, ਤੇ ਗੁਰਬਾਣੀ ਦੁਆਰਾ ਹਾਸਲ ਕੀਤਾ ਗਿਆ ਗਿਆਨ ਦੂਸਰਿਆਂ ਨਾਲ ਵੀ ਸਾਂਝਾ ਕਰੀਏ।

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (੩੦੫-੩੦੬)

         ਆਮ ਲੋਕਾਂ ਦਾ ਇਹ ਵਿਚਾਰ ਹੈ, ਕਿ ਧਰਮ ਤੇ ਸਾਇੰਸ ਇਕੱਠੇ ਨਹੀਂ ਚਲਦੇ ਹਨ।  ਹੋ ਸਕਦਾ ਹੈ ਕਿ ਹੋਰਨਾਂ ਧਰਮਾਂ ਦੇ ਸਾਇੰਸ ਨਾਲ ਮਤਭੇਦ ਹੋਣ, ਪਰੰਤੂ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਧਿਆਨ ਨਾਲ ਖੋਜਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ, ਕਿ ਸਿੱਖ ਧਰਮ ਤੇ ਸਾਇੰਸ ਦਾ ਪੂਰਨ ਤੌਰ ਤੇ ਤਾਲਮੇਲ ਹੈ। ਬਲਕਿ ਇਥੋਂ ਤਕ ਕਹਿ ਸਕਦੇ ਹਾਂ, ਕਿ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ, ਧਰਮ ਦੀ ਸਾਇੰਸ ਦਾ ਇਕ ਪਹਿਲਾ ਆਰੰਭ ਹੈ।

         ਕੋਸ਼ਿਸ਼ ਕੀਤੀ ਗਈ ਹੈ, ਕਿ ਹਰੇਕ ਵਿਸ਼ੇ ਸਬੰਧੀ ਪ੍ਰਮਾਣ ਦੇ ਤੌਰ ਤੇ ਵੱਧ ਤੋਂ ਵੱਧ ਸ਼ਬਦ ਸਾਂਝੇ ਕੀਤੇ ਜਾਣ, ਤਾਂ ਜੋ ਗੁਰੂ ਗਰੰਥ ਸਾਹਿਬ ਅਨੁਸਾਰ, ਉਸ ਵਿਸ਼ੇ ਸਬੰਧੀ ਸਹੀ ਤੇ ਪੂਰਣ ਜਾਣਕਾਰੀ ਹਾਸਲ ਹੋ ਸਕੇ। ਹਰੇਕ ਲੇਖ ਦੇ ਅੰਤ ਵਿਚ ਸੰਖੇਪ ਵਿਚ ਉਸ ਵਿਸ਼ੇ ਸਬੰਧੀ ਜਾਣਕਾਰੀ ਦਿਤੀ ਗਈ ਹੈ, ਤਾਂ ਜੋ ਪਾਠਕ ਆਸਾਨੀ ਨਾਲ ਸਮਝ ਸਕਣ।

         ਸਭ ਤੋਂ ਪਹਿਲਾਂ ਤਾਂ ਦਾਸ ਉਸ ਅਕਾਲ ਪੁਰਖੁ ਦਾ ਬਹੁਤ ਧੰਨਵਾਦੀ ਹੈ, ਜਿਸ ਨੇ ਗੁਰੂ ਨਾਨਕ ਸਾਹਿਬ ਦੇ ਆਰੰਭ ਕੀਤੇ ਸਿੱਖ ਧਰਮ ਵਿਚ ਮਨੁੱਖਾ ਜਨਮ ਦਿਤਾ ਤੇ ਗੁਰੂ ਗਰੰਥ ਸਾਹਿਬ ਬਾਰੇ ਜਾਣਨ ਤੇ ਸਮਝਣ ਦਾ ਉਦਮ ਤੇ ਬਲ ਬਖਸ਼ਿਆ। ਗਿਆਨ ਦਾ ਅਸਲੀ ਸੋਮਾਂ ਤਾਂ ਗੁਰੂ ਗਰੰਥ ਸਾਹਿਬ ਹੀ ਹਨ, ਜਿਨ੍ਹਾਂ ਦੁਆਰਾ ਗੁਰਬਾਣੀ ਸਬੰਧੀ ਗਿਆਨ ਹਾਸਲ ਕਰਕੇ ਦਾਸ ਲੇਖਾਂ ਦੇ ਰੂਪ ਵਿਚ ਢਾਲ ਕੇ ਆਪ ਸਭ ਦੇ ਸਾਹਮਣੇ ਪੇਸ਼ ਕਰਨ ਦੇ ਯੋਗ ਹੋ ਸਕਿਆ ਹੈ। ਆਓ ਸਾਰੇ ਜਾਣੇ ਇਕ ਸਤਸੰਗਤਿ ਤੇ ਸਤਿਗੁਰ ਦੀ ਪਾਠਸ਼ਾਲਾ ਦਾ ਰੂਪ ਬਣਾ ਕੇ ਅਕਾਲ ਪੁਰਖੁ ਦੇ ਗੁਣ ਸਿਖ ਕੇ ਆਪਣੇ ਜੀਵਨ ਅੰਦਰ ਅਪਨਾਈਏ ਅਤੇ ਦੂਸਰਿਆਂ ਨਾਲ ਵੀ ਇਹ ਗਿਆਨ ਸਾਂਝਾ ਕਰਕੇ, ਉਨ੍ਹਾਂ ਦਾ ਜੀਵਨ ਵੀ ਸਫਲ ਕਰੀਏ।

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥ (੧੩੧੬)

         ਦਾਸ ਆਪਣੇ ਮਾਤਾ (ਸਰਦਾਰਨੀ ਸਵਰਨ ਕੌਰ ਜੀ) ਤੇ ਪਿਤਾ (ਸਰਦਾਰ ਹਰਜਿੰਦਰ ਸਿੰਘ ਜੀ) ਦਾ ਅਤੀ ਰਿਣੀ ਹੈ, ਜਿਨ੍ਹਾਂ ਨੇ ਪਾਲਿਆਂ ਪੋਸਿਆ ਤੇ ਦੁਨਿਆਵੀ ਅਤੇ ਗੁਰਮਤਿ ਦਾ ਗਿਆਨ ਹਾਸਲ ਕਰਨ ਦੇ ਯੋਗ ਬਣਾਇਆ। ਆਪਣੇ ਪਰਿਵਾਰ ਦੇ ਮੈਂਬਰਾਂ ਧਰਮ ਪਤਨੀ (ਸਰਦਾਰਨੀ ਹਰਵਿੰਦਰ ਕੌਰ ਜੀ), ਸਪੁਤਰ (ਸਰਦਾਰ ਪ੍ਰਭਦੀਪ ਸਿੰਘ) ਸਪੁਤਰੀ (ਸਰਦਾਰਨੀ ਪਰਨੀਤ ਕੌਰ) ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣਾ ਉਹ ਕੀਮਤੀ ਸਮਾਂ ਭੇਟ ਕੀਤਾ, ਜਿਹੜਾ ਸਮਾਂ ਦਾਸ ਨੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਜੁਮੇਵਾਰੀ ਲਈ ਵਰਤਣਾ ਸੀ। ਉਹ ਸਮਾਂ ਦਾਸ ਨੂੰ ਗੁਰਬਾਣੀ ਨੂੰ ਪੜ੍ਹਨ ਸਮਝਣ ਤੇ ਵੀਚਾਰਨ ਲਈ ਦਿਤਾ, ਜਿਸ ਸਦਕਾ ਗੁਰਬਾਣੀ ਦੇ ਲੇਖ ਤੇ ਕਿਤਾਬਾਂ ਲਿਖਣ ਦੇ ਯੋਗ ਹੋ ਸਕਿਆ।

         ਅਕਾਲ ਪੁਰਖੁ ਆਪ ਬੇਅੰਤ ਹੈ ਤੇ ਉਸ ਦੀ ਰਚਨਾ ਵੀ ਬੇਅੰਤ ਹੈ।

ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ।

         ਮੇਰੇ ਵਰਗੇ ਆਮ ਮਨੁੱਖ ਦੇ ਲਈ ਉਸ ਅਕਾਲ ਪੁਰਖੁ ਨੂੰ ਸਮਝਣਾ ਬਹੁਤ ਕਠਿਨ ਹੈ। ਗੁਰੂ ਗਰੰਥ ਸਾਹਿਬ ਦੀ ਸਹਾਇਤਾ ਨਾਲ ਗੁਰਮਤਿ ਸਬੰਧੀ ਜਾਣਕਾਰੀ ਨੂੰ ਸਮਝਣ ਤੇ ਬਿਆਨ ਕਰਨ ਵਿਚ ਕਾਫੀ ਖਾਮੀਆਂ ਰਹਿ ਗਈਆਂ ਹੋਣਗੀਆਂ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥

         ਆਪ ਸਭ ਅੱਗੇ ਬੇਨਤੀ ਹੈ ਕਿ ਇਨ੍ਹਾਂ ਕਿਤਾਬਾਂ ਤੇ ਲੇਖਾਂ  ਨੂੰ ਪੜ੍ਹ ਕੇ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਵੀਚਾਰੋ ਤੇ ਆਪਣੇ ਸੁਝਾਵ ਭੇਜੋ, ਤਾਂ ਜੋ ਇਸ ਵਿਚ ਲੋੜੀਦੇ ਸੁਧਾਰ ਕੀਤੇ ਜਾ ਸਕਣ। ਗੁਰਬਾਣੀ ਦੇ ਕੁਝ ਲੇਖ ਸਿੱਖ ਮਾਰਗ ਦੇ ਵੈਬਸਾਈਟ ਵਿਚ ਵੀ ਪੜ੍ਹੇ ਜਾ ਸਕਦੇ ਹਨ। ਬਹੁਤ ਪੁਰਾਣੇ ਲੇਖਾਂ ਵਿਚ ਹੋ ਸਕਦਾ ਹੈ, ਬਰੇਵਹੋਸਟ ਜਾਂ ਹੋਰ ਵੈਬਸਾਈਟਾਂ ਦੇ ਲਿੰਕ ਹੋਣ। ਆਪ ਜੀ ਉਨ੍ਹਾਂ ਇਸ ਵੈਬਸਾਈਟ ਵਿਚ ਪੜ੍ਹ ਸਕਦੇ ਹੋ ਜੀ।

         ਆਪ ਸਭ ਦਾ ਬਹੁਤ ਬਹੁਤ ਧੰਨਵਾਦ

ਡਾ: ਸਰਬਜੀਤ ਸਿੰਘ